RIAR

‘ਬਾਬਰ ਨੂੰ ਥਾਪੜਾ ਦੇਣਾ’- ਗਲ ਕੁਝ ਜਚਦੀ ਨਹੀ-ਦਰਸ਼ਨ ਸਿੰਘ ਰਿਆੜ, ਐਡਵੋਕੇਟ ਜਲੰਧਰ

‘ਬਾਬਰ ਨੂੰ ਥਾਪੜਾ ਦੇਣਾ’- ਗਲ ਕੁਝ ਜਚਦੀ ਨਹੀ-
ਜਿੰਦਗੀਨਾਮਾ ਗੁਰੂਨਾਨਕ,ਸ.ਭਬੀਸਨ ਸਿੰਘ ਗੋਰਾਇਆ ਦੁਆਰਾ ਰਚਿਤ ਪੁਸਤਕ ,ਗੁਰੂ ਨਾਨਕ ਦੇਵ ਜੀ ਦੀ ਜਿੰਦਗੀ ਬਾਰੇ ਪ੍ਰਚੱਲਤ ਵੱਖ ਵੱਖ ਜਨਮ ਸਾਖੀਆਂ ਦੀ ਸਮੀਖਿਆਂ ਕਰਕੇ ਲਿਖੀਗਈ ਹੈ।ਰੰਗੀਨ ਤਸਵੀਰਾਂ ਨਾਲ ਸਜਾਈ ਹੋਈ ਤੇ ਫੁਟਨੋਟਾਂ ਤੇ ਦਿੱਤੀ ਗਈ ਸਹਾਇਕ ਜਾਣਕਾਰੀ ਕਾਫੀ ਲਾਹੇਵੰਦੀ ਪ੍ਰਤੀਤ ਹੁੰਦੀ ਹੈ।ਜਿੰਦਗੀ ਦਾ ਅਸੂਲ ਹੈ ਕਿ ਇਸ ਕਾਇਨਾਤ ਵਿੱਚ ਕੁਝ ਵੀ ਸੰਪੂਰਨ ਨਹੀਂ ਹੈ।ਕੁਝ ਨਾ ਕੁਝ ਕਮੀਂ ਤਾਂ ਹਰ ਪਾਸੇ ਰਹਿ ਹੀ ਜਾਂਦੀ ਹੈ।ਸੰਪੂਰਨ ਤਾਂ ਕੇਵਲ ਸਰਬਸ਼ਕਤੀਮਾਨ ਪ੍ਰਮਾਤਮਾ ਹੀ ਹੈ ਪਰ ਕੁਝ ਲੋਕ ਉਸਦੀ ਹੋਂਦ ਮੰਨਦੇ ਹਨ ਤੇ ਕੁਝ ਨਹੀਂ।ਪਰ ਅਸਲ ਵਿੱਚ ਵੇਖਿਆ ਜਾਵੇ ਤਾਂ ਉਸਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ।
ਖੈਰ!ਹਰੇਕ ਦੀ ਆਪਣੀ ਆਪਣੀ ਰਾਇ ਹੈ।ਕਿਸੇ ਨੂੰ ਮਾਂਹ ਮਾਫਕ ਹੁੰਦੇ ਹਨ ਤੇ ਕਿਸੇ ਨੂੰ ਬਾਦੀ।ਜਿੱਥੇ ਤੱਕ ਇਸ ਇਤਹਾਸਕ ਪੁਸਤਕ ਦਾ ਸਬੰਧ ਹੈ,ਮੌਜੂਦਾ ਸੰਦਰਭ ਅਨੁਸਾਰ ਲਫਜਾਂ ਦੀ ਬਣਤਰ ਵਿੱਚ ਕਾਫੀ ਊਣਤਾਂਈਆਂ ਹਨ।ਜਿਵੇਂ ਸ਼ਬਦ “ਙ” ਦੀ ਵਰਤੋਂ ਕਾਫੀ ਕੀਤੀ ਗਈ ਹੈ ਜਦੋਂਕਿ ਉਥੇ “ਘ” ਵਰਤਣਾ ਬਣਦਾ ਸੀ।ਭਾਂਵੇ ਇਸ ਨਾਲ ਲਿਖਣ ਦੇ ਮਕਸਦ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਹ ਜਚਦਾ ਨਹੀਂ ਹੈ।ਉਂਜ ਲੇਖਕ ਨੇ ਖੁਦ ਇਹ ਗਲਤੀ ਮੰਨ ਕੇ ਆਪਣੇ ਆਪ ਨੂੰ ਪਹਿਲਾਂ ਹੀ ਸੁਰਖਰੂ ਕਰ ਲਿਆ ਹੈ।ਪੁਸਤਕ ਦੇ ਸਫਾ ਨੰ. 34 ਉਪਰ ਮਲਾਰ ਮਹੱਲਾ ਪਹਿਲਾ ਦਾ ਸ਼ਬਦ-ਦੁਖ ਵੇਛੋੜਾ ਇਕੁ ਦੁਖੁ ਭੂਖ….ਦੋ ਵਾਰ ਦਰਜ਼ ਕਰ ਦਿਤਾ ਗਿਆ ਹੈ।ਸਫਾ ਨੰ. 36 ਤੇ ਬਾਬੇ ਨਾਨਕ ਦੁਆਰਾ ਖਰਚੇ ਗਏ ਵੀਹ ਰੁਪਿਆਂ ਦਾ ਮੁੱਲ ਅੱਜ ਦੇ ਹਿਸਾਬ 7600 ਰੁਪਏ ਜੱਚਦਾ ਨਹੀਂ ਹੈ।ਸੱਚਾ ਸੌਦਾ 1486 ਦਾ ਵਾਕਿਆ ਪ੍ਰਤੀਤ ਹੁੰਦਾ ਹੈ ਜਿਸਨੂੰ 534 ਸਾਲ ਬੀਤ ਗਏ ਹਨ।ਪਿਛਲੇ ਅਰਸੇ ਦੌਰਾਨ ਤਾਂ ਪੰਜ ਸਾਲਾਂ ਵਿੱਚ ਰਕਮ ਦੁਗਣੀ ਹੋ ਜਾਂਦੀ ਰਹੀ ਹੈ।ਅੱਜਕੱਲ ਦਸ ਸਾਲ ਲੱਗਣ ਲੱਗ ਪਏ ਹਨ।ਜੇ ਆਪਾਂ ਲਗਾਤਾਰ ਵੀਹ ਸਾਲਾਂ ਬਾਦ ਵੀ ਦੁਗਣੇ ਕਰੀਏ ਤਾਂ ਅੱਜ ਇਹ ਰਕਮ ਇੱਕ ਅਰਬ ਤੋਂ ਵੀ ਵੱਧ ਬਣਦੀ ਹੈ ਜਿਦਦੇ ਸਹਾਰੇ ਬਾਬੇ ਨਾਨਕ ਦਾ ਲੰਗਰ ਜਾਰੀ ਹੈ।
ਸਫਾ ਨੰ, 38 ਤੇ ਲੇਖਕ ਨੇ ਬਾਬੇ ਦੀ ਬਰਾਤ ਦੀ ਤਿਆਰੀ ਸਮੇਂ ਬਾਬੇ ਨੂੰ ਜਨੇਊ ਪਹਿਨਦੇ ਦਰਸਾਇਆ ਹੈ।ਇਹ ਗੱਲ ਸਮਝ ਤੋਂ ਬਾਹਰ ਹੈ।ਜਿਸ ਸ਼ਖਸ਼ੀਅਤ ਨੇ ਬਚਪਨ ਵਿੱਚ ਜਨੇਊ ਨੂੰ ਪਖੰਡ ਕਹਿ ਕੇ ਪਹਿਨਣ ਤੋਂ ਇਨਕਾਰ ਕੀਤਾ ਹੈ ਉਹ ਜਵਾਨੀ ਵਿੱਚ ਕਿਵੇਂ ਪਹਿਨੇਗਾ?ਤਰਕਸ਼ੀਲ ਲੋਕ ਤਾਂ ਸੁਲਤਾਨਪੁਰ ਵੇਂਈ ਨਦੀ ਵਿੱਚ ਅਲੋਪ ਹੋਣ ਤੇ ਵੀ ਕਿੰਤੂ ਕਰਦੇ ਹਨ ਪਰ ਰੱਬ ਨਾਲ ਇੱਕਮਿੱਕ ਹੋਣ ਵਾਲੇ ਪ੍ਰਮੇਸ਼ਰ ਦੇ ਪਿਆਰੇ ਵਾਸਤੇ ਕੁਝ ਵੀ ਅਸੰਭਵ ਨਹੀਂ ਹੁੰਦਾ।ਉਂਜ ਬਾਬੇ ਦੀਆਂ ਉਦਾਸੀਆਂ ਜਨਰਲ ਨਾਲਿਜ਼ ਨਾਲ ਭਰਪੂਰ ਹਨ।ਬੰਗਾਲ ਦੀ ਖਾੜੀ ਤੇ ਅਰਬ ਸਾਗਰ ਦਾ ਮਿਲਣ,ਦੱਖਣ ਦੀਆਂ ਥੁਥੂਕੌਡੀ ਵਰਗੀਆਂ ਬੰਦਰਗਾਹਾਂ ਦੀ ਸੈਰ ਲੇਖਕ ਪਾਠਕਾਂ ਨੂੰ ਸਹਿਜੇ ਹੀ ਕਰਵਾ ਦਿੰਦਾ ਹੈ। ੇ ਪੰਨਾ ਨੰ. 51ਤੇ ਲੇਖਕ ਲਿਖਦਾ ਹੈ ਕਿ ਸੁਲਤਾਨਪੁਰ ਲੋਧੀ ਦੇ ਹਾਕਮ ਦੌਲਤ ਖਾਂ ਲੋਧੀ ਦੁਆਰਾ ਬਾਬਰ ਨੂੰ ਭਾਰਤ ਉਪਰ ਹਮਲਾ ਕਰਨ ਲਈ ਬਾਬਾ ਨਾਨਕ ਰਾਂਹੀਂ ਸੱਦਾ ਦਿੱਤਾ ਗਿਆ ਸੀ ਕਿਉਂਕਿ ਦੌਲਤ ਖਾਂ ਦਾ ਧਰਮ ਗੁਰੂ ਬਾਬਾ ਨਾਨਕ ਸੀ ਅਤੇ ਗੁਰੂ ਨਾਨਕ ਜਦੋਂ 1520 ਈ. ਵਿੱਚ ਕਾਬੁਲ ਗਏ ਸਨ ਤਾਂ ਉਹਨਾਂ ਨੇ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਲਈ ਉਤਸ਼ਾਹਤ ਕੀਤਾ ਸੀ ਤਾਂ ਜੋ ਉਹ ਦਿੱਲੀ ਦੇ ਹਾਕਮ ਸਿਕੰਦਰ ਲੋਧੀ,ਜਿਸਨੇ ਗੁਰੂ ਨਾਨਾਕ ਨੂੰ ਦਿੱਲੀ ਤੋਂ ਦੇਸ਼ ਨਿਕਾਲਾ ਦੇ ਦਿੱਤਾ ਸੀ, ਤੋਂ ਬਦਲਾ ਲੈ ਸਕਣ। ਇਹ ਗੱਲ ਵਾਜਬ ਨਹੀਂ ਲਗਦੀ ਕਿਉਂਕਿ ਗੁਰੂ ਨਾਨਕ ਹਰੇਕ ਨੂੰ ਸਿੱਧੇ ਰਸਤੇ ਤੋਰਦੇ ਸਨ।ਸਰਬੱਤ ਦਾ ਭਲਾ ਉਹਨਾਂ ਦਾ ਮੁੱਖ ਉਦੇਸ਼ ਸੀ।ਉਹ ਬਾਬਰ ਦੇ ਏਮਨਾਬਾਦ ਵਿਖੇ ਕੀਤੇ ਨਰਸਹਾਰ ਨੂੰ ਵੇਖ ਸਗੋਂ ਬਾਬਰ ਤੇ ਕ੍ਰੋਧਿਤ ਹੋ ਗਏ ਸਨ ਤੇ ਉਸਨੂੰ ਬਾਬਰ ਜਾਬਰ ਤੱਕ ਕਹਿ ਦਿੱਤਾ ਸੀ।ਜੇ ਬਾਬਰ ਨੇ ਹਮਲਾ ਗੁਰੂ ਨਾਨਕ ਦੇ ਕਹਿਣ ਤੇ ਕੀਤਾ ਹੁੰਦਾ ਤਾਂ ਉਹ ਉਹਨਾਂ ਨੂੰ ਕੈਦ ਕਰਨ ਦੀ ਗੁਸਤਾਖੀ ਨਹੀਂ ਕਰ ਸਕਦਾ ਸੀ। ਕਿਤੇ ਕਿਤੇ ਟਾਈਪਿੰਗ ਦੀਆਂ ਗਲਤੀਆਂ ਵੀ ਹਨ ਜਿਵੇਂ ਸਫਾ ਨੰ,224 ਤੇ ਦੂਜੀ ਉਦਾਸੀ ਭਾਗ -2- ਲਿਖਿਆ ਹੈ ਜੋ -3- ਲਿਖਣਾ ਬਣਦਾ ਸੀ।ਰਾਜੇ ਭਰਥਰੀ ਦੀ ਕਹਾਣੀ ਵੀ ਬੜੀ ਪ੍ਰੇਰਨਾਦਾਇਕ ਹੈ ਜੋ ਅਮਰ ਫਲ ਕਾਰਨ ਕੁਚੱਕਰ ਵਿੱਚ ਬਦਲ ਜਾਂਦੀ ਹੈ।ਪੰਨਾ 337 ਤੇ ਜਾਮਾਵੰਤ ਦਾ ਜਿਕਰ ਕਰਦੇ ਦੁਆਪਰ ਦੀ ਥਾਂ ਤਰੇਤਾ ਲਿਖਿਆ ਹੈ ਜੋ ਗਲਤ ਹੈ।ਏਸੇ ਤਰ੍ਹਾਂ ਸਫਾ ਨੰ.451 ਤੇ ਕਲਾਤ ਵਿਖੇ ਬਾਬੇ ਨਾਨਕ ਦੇ ਸ਼ਬਦ –ਸਉ ਮਣੁਹਸਤੀ ਘਿਉ…ਦਾ ਵਰਨਣ ਹੈ। ਸ਼ਬਦ ਅਧੂਰਾ ਹੈ ਤੇ ਪੂਰਾ ਵੇਖਣ ਲਈ ਪੰਨਾ ਨੰ ਨਹੀਂ ਦਿੱਤਾ ਗਿਆ।ਸਫਾ ਨੰ.499 ਤੇ ਵੀ ਅਜਿਹੀ ਗਲਤੀ ਦੁਹਰਾਈ ਗਈ ਹੈ।ਪੰਨਾ ਨੰ 503 ਤੇ ਕਿੱਕਰ ਤੋਂ ਜਲੇਬੀਆਂ ਦਾ ਮੀਂਹ ਵਰਾਉਣਾ ਵਿਗਿਆਨਕ ਤੌਰ ਤੇ ਸਹੀ ਨਹੀਂ ਬਣਦਾ।ਭਾਵੇਂ ਜਮੀਮਾ ਵਿੱਚ(ਵਾਧੂ ਜਾਣਕਾਰੀ) ਤੇ ਲੇਖਕ ਨੇ ਮੱਛੀਆਂ ਤੇ ਡੱਡੂਆਂ ਦੇ ਮੀਂਹ ਦਾ ਜਿਕਰ ਕਰ ਕੇ ਇਸ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ,ਪਰ ਇਹ ਤਰਕਹੀਣ ਲੱਗਦਾ ਹੈ।ਗੱਲ ਇਹ ਨਹੀਂ ਕਿ ਬਾਬੇ ਨਾਨਕ ਵਾਸਤੇ ਇਹ ਸੰਭਵ ਨਹੀਂ ਸੀ,ਸਗੋਂ ਅਸਲੀਅਤ ਇਹ ਹੈ ਕਿ ਤਰਕ ਦੀ ਗੱਲ ਸਮਝਾਉਣ ਵਾਲਾ ਤੇ ਗੱਲ ਗੱਲ ਤੇ ਪਖੰਡਾਂ ਦਾ ਖੰਡਨ ਕਰਨ ਵਾਲਾ ਗੁਰੂ ਨਾਨਕ ਅਜਿਹਾ ਹੁੱਕਮ ਦੇ ਹੀ ਨਹੀਂ ਸਕਦਾ।
ਜਿਸ ਬਾਬੇ ਨੇ ਗ੍ਰਹਿਣ ਪੂਜਾ ਦੇ ਪਖੰਡ ਤੇ ਸੂਰਜ ਨੂੰ ਪਾਣੀ ਪਹੁੰਚਾਉਣ ਵਾਲੇ ਪੰਡਿਤਾਂ ਨੂੰ ਪੱਛਮ ਵੱਲ ਪਾਣੀ ਝੱਟ ਕੇ ਠਿੱਠ ਕੀਤਾ ਹੋਵੇ ਉਹ ਭਲਾ ਅਜਿਹੀ ਸਿੱਖਿਆ ਕਿੰਜ ਦੇਵੇਗਾ?ਉਂਜ ਜਨਮਸਾਖੀਆਂ ਵਿੱਚ ਬੇਲੋੜੀਆਂ ਕਰਾਮਾਤਾਂ ਦਾ ਵਰਨਣ ਕਰਕੇ ਕਈ ਲਿਖਾਰੀਆਂ ਨੇ ਵਹਿਮ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ ਅਸਲ ਵਿੱਚ ਬਾਬੇ ਨਾਨਕ ਨੇ ਅਜਿਹਾ ਨਹੀਂ ਸੀ ਕੀਤਾ।ਉਸਨੇ ਹਰ ਗੱਲ ਤਰਕ ਦੇ ਅਧਾਰ ਤੇ ਗੋਸ਼ਟ(ਗੱਲਬਾਤ) ਰਾਂਹੀਂ ਹੱਲ ਕਰਨ ਦੀ ਸੰਭਵ ਕੋਸ਼ਿਸ਼ ਕੀਤੀ ਸੀ।ਦਰਅਸਲ ਬਾਬਾ ਨਾਨਕ ਇੱਕ ਮਹਾਨ ਕ੍ਰਾਂਤੀਕਾਰੀ,ਸਮਾਜ ਸੁਧਾਰਕ,ਮਿਹਨਤ ਕਸ਼ ਹੱਥੀਂ ਕਾਰ ਕਰਨ ਵਾਲਾ ਤੇ ਵੰਡ ਕੇ ਖਾਣ ਵਾਲਾ ਮਹਾਂਪੁਰਸ਼ ਸੀ ਜੋ ਆਪਣੀ ਕਰਨੀ ਰਾਂਹੀਂ ਪ੍ਰਮਾਤਮਾ ਦੇ ਬਹੁਤ ਨੇੜੇ ਸੀ।ਉਸਨੇ ਆਪਣਾ ਜਾਨਸ਼ੀਨ ਚੁਣਨ ਵੇਲੇ ਵੀ ਯੋਗ ਤੇ ਗੁਣਵਾਣ ਵਿਅੱਕਤੀ ਨੂੰ ਤਰਜੀਹ ਦਿੱਤੀ,ਆਪਣੇ ਪੁਤਰਾਂ ਦੇ ਵਿਰੋਧ ਦੀ ਵੀ ਪ੍ਰਵਾਹ ਨਾ ਕਰਕੇ ਉਸਨੇ ਸਮਾਜ ਅੱਗੇ ਬਹੁਤ ਪ੍ਰਭਾਵੀ ਮੀਲ ਪੱਥਰ ਸਥਾਪਤ ਕੀਤਾ ਪਰ ਲਾਲਚੀ ਲੋਕਾਂ ਨੇ ਉਸਦੀ ਕਦਰ ਨਹੀਂ ਪਾਈ।ਲੇਖਕ ਨੇ ਅਣਥੱਕ ਮਿਹਨਤ ਕਰਕੇ ਸਚਾਈ ਨੇੜੇ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ।ਪੁਸਤਕ ਲਾਭਦਾਇਕ,ਪੜ੍ਹਨਯੋਗ ਤੇ ਮੁੱਲ ਪੂਰਾ ਕਰਦੀ ਹੈ।ਆਮੀਨ।
ਦਰਸ਼ਨ ਸਿੰਘ ਰਿਆੜ

 

Close Bitnami banner
Bitnami